ਲੇਹ ਲੱਦਾਖ ਚ ਡਿਉਟੀ ਦੌਰਾਨ ਸ਼ਹੀਦ ਹੋਏ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਸਲੌਦੀ ਦੇ ਫੌਜੀ ਸਵਰਨਜੀਤ ਸਿੰਘ ਦੀ ਲਾਸ਼ ਤਿਰੰਗੇ ਚ ਲਿਪਟ ਕੇ ਪਿੰਡ ਪੁੱਜੀ ਤਾਂ ਸਾਰਾ ਪਿੰਡ ਰੋ ਉਠਿਆ। ਸਰਕਾਰੀ ਸਨਮਾਨਾਂ ਦੇ ਨਾਲ ਇਸ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਪਿੰਡ ਵਾਸੀਆਂ ਤੋਂ ਪਰਿਵਾਰ ਦੀ ਦੇਖਭਾਲ ਕਰਨ ਦੀ ਮੰਗ ਕੀਤੀ ਤਾਂ ਜ਼ੋ ਉਹ ਸਰਹੱਦ ਉਪਰ ਦੇਸ਼ ਦੀ ਸੇਵਾ ਕਰ ਸਕੇ।

ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼ ਲੈ ਕੇ ਆਏ ਭਾਰਤੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵਰਨਜੀਤ ਸਿੰਘ ਹੋਰ ਜਵਾਨਾਂ ਸਮੇਤ ਗੱਡੀ ਚ ਜਾ ਰਿਹਾ ਸੀ ਤਾਂ ਬਰਫ ਡਿੱਗਣ ਨਾਲ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਪਲਟ ਗਈ। ਪਿੱਛੇ ਹੋਰ ਗੱਡੀ ਚ ਆ ਰਹੇ ਜਵਾਨ ਜਦੋਂ ਜਖਮੀਆਂ ਨੂੰ ਚੁੱਕਣ ਲਈ ਭੱਜੇ ਤਾਂ ਇੱਕ ਕੱਚੀ ਪਹਾੜੀ ਡਿੱਗ ਗਈ। ਜਦੋਂ ਜਖਮੀਆਂ ਨੂੰ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਸਵਰਨਜੀਤ ਰਸਤੇ ਚ ਹੀ ਸ਼ਹੀਦ ਹੋ ਗਿਆ।

ਸ਼ਹੀਦ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਫੌਜ ਚ ਸਨ। ਉਸਦਾ ਭਰਾ ਸਵਰਨਜੀਤ 2008 ਚ ਭਰਤੀ ਹੋਇਆ ਸੀ। ਉਹ 2009 ਚ ਭਰਤੀ ਹੋਇਆ ਸੀ। ਅਗਲੇ ਸਾਲ ਉਸਦੇ ਭਰਾ ਨੇ ਸੇਵਾਮੁਕਤ ਹੋਣਾ ਸੀ। ਓਹ ਗਰੀਬੀ ਕਾਰਨ ਫੌਜ ਚ ਗਏ ਸੀ। ਉਸਦਾ ਭਰਾ ਉਸਨੂੰ ਭਰਤੀ ਹੋਣ ਤੋਂ ਰੋਕਦਾ ਵੀ ਸੀ ਪਰ ਗਰੀਬੀ ਕਰਕੇ ਉਸਦੀ ਮਜਬੂਰੀ ਸੀ। ਸਰਬਜੀਤ ਨੇ ਰੋਂਦੇ ਹੋਏ ਕਿਹਾ ਕਿ ਹੁਣ ਪਿੰਡ ਵਾਸੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ। ਕਿਤੇ ਇਹ ਨਾ ਹੋਵੇ ਕਿ ਉਸਦਾ ਪਰਿਵਾਰ ਰੁਲਦਾ ਰਹੇ। ਓਹ ਤਾਂ ਹੀ ਦੇਸ਼ ਦੀ ਸੇਵਾ ਕਰ ਸਕਦਾ ਜੇਕਰ ਉਸਦਾ ਪਰਿਵਾਰ ਸੁਖੀ ਹੋਵੇਗਾ।

ਪਿੰਡ ਦੇ ਸਰਪੰਚ ਮਨਦੀਪ ਕੁਮਾਰ ਨੇ ਕਿਹਾ ਕਿ ਪਿੰਡ ਵਾਸੀ ਸ਼ਹੀਦ ਦੇ ਪਰਿਵਾਰ ਦੀ ਦੇਖਭਾਲ ਕੀਤੀ ਜਾਵੇਗੀ ਅਤੇ ਸ਼ਹੀਦ ਦੀ ਯਾਦਗਾਰ ਵੀ ਪਿੰਡ ਚ ਬਣਾਈ ਜਾਵੇਗੀ। ਓਥੇ ਹੀ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਵੀ ਸ਼ਹਾਦਤ ਨੂੰ ਸਲਾਮ ਕੀਤਾ।