ਪੰਜਾਬ, ਹਰਿਆਣਾ ਅਤੇ ਦਿੱਲੀ ਚ ਲੁੱਟ-ਖੋਹ ਤੇ ਚੋਰੀ ਦੇ ਮੋਬਾਇਲਾਂ ਦਾ ਆਈਐਮਈਆਈ ਨੰਬਰ ਬਦਲ ਕੇ ਇਹਨਾਂ ਨੂੰ ਮੁੜ ਤੋਂ ਇੰਸਟਾਲ ਕਰਕੇ ਚਾਲੂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਖੰਨਾ ਪੁਲਸ ਨੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ 300 ਤੋਂ ਵੱਧ ਮੋਬਾਇਲ, ਨਵੀਆਂ ਬੈਟਰੀਆਂ, ਆਈਐਮਈਆਈ ਨੰਬਰ ਬਦਲਣ ਵਾਲੀ ਮਸ਼ੀਨ ਆਦਿ ਯੰਤਰ ਬਰਾਮਦ ਕੀਤੇ ਹਨ। ਇਹ ਗਿਰੋਹ ਪੰਜਾਬ, ਹਰਿਆਣਾ, ਦਿੱਲੀ ਤੋਂ ਇਲਾਵਾ ਕਈ ਸੂਬਿਆਂ ਚ ਇਹ ਗੋਰਖਧੰਦਾ ਕਰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਮੋਬਾਇਲ ਦੀ ਦੁਕਾਨ ਚਲਾਉਣ ਵਾਲਾ ਵਿਅਕਤੀ ਇਸਦਾ ਮਾਸਟਰ ਮਾਈਂਡ ਹੈ। ਜਿਸਨੇ ਕਈ ਨਾਮੀ ਮੋਬਾਇਲ ਕੰਪਨੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਈਐਮਈਆਈ ਨੰਬਰ ਕਿਸ ਤਰ੍ਹਾਂ ਬਦਲ ਕੇ ਮੋਬਾਇਲ ਚਾਲੂ ਕੀਤਾ ਜਾਂਦਾ ਹੈ। ਖੰਨਾ ਦੀ ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਚੋਰੀ ਤੇ ਲੁੱਟਖੋਹ ਦੇ ਮੋਬਾਇਲਾਂ ਦੇ ਆਈਐਮਈਆਈ ਨੰਬਰ ਸਾਫਟਵੇਅਰ ਰਾਹੀਂ ਬਦਲ ਕੇ ਨਵਾਂ ਮੋਬਾਇਲ ਹੀ ਇੰਸਟਾਲ ਕਰ ਦਿੰਦੇ ਸੀ ਤਾਂ ਜੋ ਪੁਲਸ ਟਰੇਸ ਨਾ ਕਰ ਸਕੇ। ਇਹਨਾਂ ਕੋਲੋਂ ਵੱਖ ਵੱਖ ਕੰਪਨੀਆਂ ਦੇ 310 ਮੋਬਾਇਲ, 450 ਬੈਟਰੀਆਂ, ਸੀਪੀਯੂ ਅਤੇ ਨੈਂਡ ਪ੍ਰੋਗ੍ਰਾਮਰ ਨਾਮਕ ਸਾਫਟਵੇਅਰ ਮਿਲਿਆ ਹੈ। ਗਿਰੋਹ ਦਾ ਮਾਸਟਰ ਮਾਈਂਡ ਕੰਵਲਜੀਤ ਸਿੰਘ ਵਾਸੀ ਮਾਡਲ ਟਾਉਨ ਸੋਨੀਪਤ (ਹਰਿਆਣਾ) ਹੈ ਜੋਕਿ ਹਾਲੇ ਫਰਾਰ ਹੈ। ਕੰਵਲਜੀਤ ਆਪਣੇ ਨੌਕਰ ਵਿਜੈ ਵਾਸੀ ਪਟੇਲ ਨਗਰ ਸੋਨੀਪਤ ਰਾਹੀਂ ਚੋਰੀ ਦੇ ਮੋਬਾਇਲ ਨਵੇਂ ਇੰਸਟਾਲ ਕਰਕੇ ਲੁਧਿਆਣਾ ਭੇਜ ਰਿਹਾ ਸੀ, ਇਸਨੂੰ ਖੰਨਾ ਨਾਕੇ ਉਪਰ ਕਾਬੂ ਕੀਤਾ ਗਿਆ। ਅਜੈ, ਚੰਦਨ ਅਰੋੜਾ ਅਤੇ ਧੀਰਜ ਵਾਸੀ ਲੁਧਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ।