ਖੰਨਾ ਸ਼ਹਿਰ ਚ ਰਤਨਹੇੜੀ ਰੇਲਵੇ ਫਾਟਕ ਬੰਦ ਕਰਨ ਦੇ ਐਲਾਨ ਮਗਰੋਂ ਸ਼ਹਿਰ ਦੀ ਅੱਧੀ ਆਬਾਦੀ ਚ ਹਫੜਾ ਦਫੜੀ ਮਚ ਗਈ। ਕਿਉਂਕਿ ਜਿੱਥੇ ਇਹ ਫਾਟਕ ਬੰਦ ਹੋਣ ਨਾਲ ਸ਼ਹਿਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਜਾਣ ਦਾ ਰਸਤਾ ਬੰਦ ਹੋ ਜਾਵੇਗਾ ਉੱਥੇ ਹੀ ਰਤਨਹੇੜੀ ਸਣੇ ਕਈ ਪਿੰਡਾਂ ਤੋਂ ਸ਼ਹਿਰ ਆਉਣ ਲਈ ਕਈ ਕਿਲੋਮੀਟਰ ਘੁੰਮ ਕੇ ਆਉਣਾ ਪਵੇਗਾ ਅਤੇ ਜੋ ਰਾਸਤਾ ਆਰਜ਼ੀ ਤੋਰ ਤੇ ਦਿੱਤਾ ਗਿਆ ਹੈ ਉਹ ਬਰਸਾਤ ਕਾਰਣ ਅਵਾਜਾਹੀ ਯੋਗ ਨਹੀਂ ਹੈ ਜਿਸ ਕਾਰਨ ਆਮ ਜਨਤਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਲੋਕਾਂ ਨੇ ਐਸਡੀਐਮ ਕੋਲੋਂ ਢੁੱਕਵਾਂ ਰਸਤਾ ਦਿਵਾਉਣ ਦੀ ਮੰਗ ਕੀਤੀ।  ਲੋਕਾਂ ਨੇ ਦੱਸਿਆ ਕਿ ਇਹ ਲੋਕਾਂ ਲਈ ਵੱਡੀ ਸਮੱਸਿਆ ਹੈ। ਜਿਸਦੇ ਲਈ 133 ਸੀਆਰਪੀਸੀ ਅਰਜ਼ੀ ਲਗਾ ਦਿੱਤੀ ਗਈ ਹੈ। ਇਸ ਰਾਹੀਂ ਐਸਡੀਐਮ ਨੂੰ ਸਪੀਕਿੰਗ ਆਰਡਰ ਜਾਰੀ ਕਰਨੇ ਪੈਣਗੇ ਅਤੇ ਪੁੱਛਣਾ ਪਵੇਗਾ ਕਿ ਲੋਕਾਂ ਲਈ ਹੋਰ ਕਿਹੜਾ ਰਸਤਾ ਬਚਿਆ ਹੈ। ਉਹਨਾਂ ਅਫਸੋਸ ਜਾਹਿਰ ਕੀਤਾ ਕਿ ਲੋਕਾਂ ਨੂੰ ਆਪਣੀ ਸਮੱਸਿਆ ਅਰਜ਼ੀਆਂ ਰਾਹੀਂ ਦੱਸਣੀ ਪੈਂਦੀ ਹੈ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪ ਕੁੱਝ ਨਹੀਂ ਦਿਖਦਾ। ਸੰਦੀਪ ਸਿੰਘ ਧਾਮੀ ਨੇ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਨਾਲ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਣਗੇ। ਇਸਦਾ ਹੱਲ ਕੱਢਣਾ ਚਾਹੀਦਾ ਹੈ।