ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਵੇਟ ਲਿਫਟਿੰਗ 109 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਸਮੇਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰਦੀਪ ਦੇ ਮੈਡਲ ਜਿੱਤਣ ‘ਤੇ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਪਿਤਾ ਭਾਗ ਸਿੰਘ ਨੇ ਦੱਸਿਆ ਕਿ ਗੁਰਦੀਪ ਦੀ ਕਾਮਯਾਬੀ ਪਿੱਛੇ ਉਸ ਦੀ ਬਹੁਤ ਮਿਹਨਤ ਹੈ। ਉਸਨੇ 2010 ਵਿੱਚ ਖੇਡ ਦੀ ਸ਼ੁਰੂਆਤ ਕੀਤੀ ਸੀ, ਅੱਜ ਉਸਨੇ 109 ਕਿਲੋ ਵਰਗ ਵਿੱਚ ਪਹਿਲੀ ਵਾਰ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ। ਜਿਸ ਨਾਲ ਉਸਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵਲੋਂ ਖੇਡ ਲਈ ਕੋਈ ਮਦਦ ਨਹੀਂ ਮਿਲੀ। ਜਦੋਂ ਉਨ੍ਹਾਂ ਨੂੰ ਕੈਂਪ ਵਿੱਚ ਚੁਣਿਆ ਗਿਆ ਸੀ ਤਾਂ ਸਰਕਾਰ ਵੱਲੋਂ ਮਦਦ ਮਿਲੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹ ਮਿਹਨਤ ਕਰਦਾ ਸੀ ਤਾਂ ਰਾਤ ਨੂੰ ਵੀ ਉਸ ਲਈ ਖਾਣਾ ਬਣਾਇਆ ਜਾਂਦਾ ਸੀ ਅਤੇ ਕਦੇ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਗੁਰਦੀਪ ਸਿੰਘ ਘਰ ਆਉਣਗੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਟਰੈਕਟਰ ‘ਤੇ ਲਿਆਂਦਾ ਜਾਵੇਗਾ। ਗੁਰਦੀਪ ਦੀ ਭੈਣ ਨੇ ਦੱਸਿਆ ਕਿ ਭਰਾ ਨੇ ਜਾਂਦੇ ਸਮੇਂ ਮੈਡਲ ਲਿਆਉਣ ਦਾ ਵਾਅਦਾ ਕੀਤਾ ਸੀ, ਅੱਜ ਮੈਡਲ ਜਿੱਤ ਕੇ ਤੋਹਫ਼ਾ ਦਿੱਤਾ ਹੈ। ਉਸ ਨੇ ਕਿਹਾ ਕਿ ਜਦੋਂ ਉਸ ਦਾ ਭਰਾ ਵਾਪਸ ਆਵੇਗਾ ਤਾਂ ਉਹ ਇਕੱਠੇ ਜਸ਼ਨ ਮਨਾਉਣਗੇ। ਦੂਜੇ ਪਾਸੇ ਗੁਰਦੀਪ ਸਿੰਘ ਨੇ ਮੈਡਲ ਜਿੱਤਣ ਤੋਂ ਬਾਅਦ ਵੀਡੀਓ ਕਾਲ ‘ਤੇ ਗੱਲਬਾਤ ਕਰਦਿਆਂ ਗੁਰਦੀਪ ਨੇ ਕਿਹਾ ਕਿ ਉਹ ਦੇਸ਼ ਲਈ ਮੈਡਲ ਜਿੱਤ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ।